ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ | |
---|---|
![]() | |
ਜਨਮ | |
ਮੌਤ | 16 ਨਵੰਬਰ 1915 | (ਉਮਰ 19)
ਮੌਤ ਦਾ ਕਾਰਨ | ਫਾਂਸੀ |
ਰਾਸ਼ਟਰੀਅਤਾ | ਬ੍ਰਿਟਿਸ਼ ਭਾਰਤੀ |
ਹੋਰ ਨਾਮ | ਕਰਤਾਰ ਸਿੰਘ |
ਪੇਸ਼ਾ | ਕ੍ਰਾਂਤੀਕਾਰੀ |
ਮਾਲਕ | ਗ਼ਦਰ ਪਾਰਟੀ |
ਲਹਿਰ | ਭਾਰਤੀ ਸੁਤੰਤਰਤਾ ਅੰਦੋਲਨ |
ਕਰਤਾਰ ਸਿੰਘ ਸਰਾਭਾ (24 ਮਈ 1896 - 16 ਨਵੰਬਰ 1915)[1] ਪੰਜਾਬ ਦਾ ਇੱਕ ਅਜ਼ਾਦੀ ਘੁਲਾਟੀਆ ਅਤੇ ਇਨਕਲਾਬੀ ਦੇਸ਼ ਭਗਤ ਸੀ। ਉਹ ਗ਼ਦਰ ਪਾਰਟੀ ਦਾ ਸਰਗਰਮ ਕਾਰਕੁੰਨ ਸੀ।[2] ਉਹ 15 ਸਾਲ ਦੇ ਸਨ ਜਦੋਂ ਉਹ ਗਦਰ ਪਾਰਟੀ ਦੇ ਮੈਂਬਰ ਬਣੇ; ਫਿਰ ਉਹ ਇੱਕ ਪ੍ਰਮੁੱਖ ਪ੍ਰਕਾਸ਼ਵਾਨ ਮੈਂਬਰ ਬਣ ਗਏ ਅਤੇ ਆਜ਼ਾਦੀ ਅੰਦੋਲਨ ਲਈ ਲੜਨਾ ਸ਼ੁਰੂ ਕਰ ਦਿੱਤਾ। ਉਹ ਅੰਦੋਲਨ ਦੇ ਸਭ ਤੋਂ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ। ਨਵੰਬਰ 1915 ਵਿੱਚ ਸੈਂਟਰਲ ਜੇਲ੍ਹ, ਲਾਹੌਰ ਵਿੱਚ, ਉਨ੍ਹਾਂ ਨੂੰ ਅੰਦੋਲਨ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਫਾਂਸੀ ਦੇ ਦਿੱਤੀ ਗਈ। ਉਹ 19 ਸਾਲ ਦੇ ਸਨ।[3]
ਮੁੱਢਲਾ ਜੀਵਨ
[ਸੋਧੋ]ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਅਤੇ ਬੀਬੀ ਸਾਹਿਬ ਕੌਰ ਦੇ ਘਰ ਹੋਇਆ।[4] ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਸ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ 'ਤੇ ਆ ਗਈ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਅੱਠਵੀਂ ਤੱਕ ਦੀ ਸਿੱਖਿਆ ਮਾਲਵਾ ਖਾਲਸਾ ਸਕੂਲ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਮਗਰੋਂ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਜੋ ਉੜੀਸਾ ਦੇ ਸ਼ਹਿਰ ਕਟਕ ਵਿੱਚ ਡਾਕਟਰ ਲੱਗੇ ਹੋਏ ਸਨ, ਕੋਲ ਚਲਾ ਗਿਆ ਅਤੇ ਉੱਥੋਂ ਦੀ ਰੇਵਨਸ਼ਾਹ ਯੂਨੀਵਰਸਿਟੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ।
ਬਰਕਲੇ ਵਿਖੇ ਭਾਰਤੀ ਵਿਦਿਆਰਥੀਆਂ ਦੇ ਨਾਲੰਦਾ ਕਲੱਬ ਨਾਲ ਉਸਦੀ ਸਾਂਝ ਨੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਜਗਾਈਆਂ, ਅਤੇ ਉਹ ਭਾਰਤ ਤੋਂ ਆਏ ਪ੍ਰਵਾਸੀਆਂ, ਖਾਸ ਕਰਕੇ ਹੱਥੀਂ ਕੰਮ ਕਰਨ ਵਾਲਿਆਂ, ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਮਿਲਣ ਵਾਲੇ ਸਲੂਕ ਬਾਰੇ ਬਹੁਤ ਉਤਸੁਕ ਮਹਿਸੂਸ ਕਰਦੇ ਸਨ।
ਗ਼ਦਰ ਪਾਰਟੀ ਦੇ ਸੰਸਥਾਪਕ ਸੋਹਣ ਸਿੰਘ ਭਕਨਾ ਨੇ ਸਿੰਘ ਨੂੰ ਇੱਕ ਸੁਤੰਤਰ ਦੇਸ਼ ਦੀ ਖ਼ਾਤਰ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ। ਸੋਹਣ ਸਿੰਘ ਭਕਨਾ ਨੇ ਕਰਤਾਰ ਸਿੰਘ ਨੂੰ "ਬਾਬਾ ਜਰਨੈਲ" ਕਿਹਾ। ਉਸਨੇ ਅਮਰੀਕੀਆਂ ਤੋਂ ਬੰਦੂਕ ਚਲਾਉਣੀ ਅਤੇ ਵਿਸਫੋਟਕ ਯੰਤਰ ਬਣਾਉਣੇ ਸਿੱਖੇ। ਕਰਤਾਰ ਸਿੰਘ ਨੇ ਹਵਾਈ ਜਹਾਜ਼ ਉਡਾਉਣ ਦੇ ਵੀ ਸਬਕ ਲਏ। ਉਹ ਅਕਸਰ ਦੂਜੇ ਭਾਰਤੀਆਂ ਨਾਲ ਗੱਲ ਕਰਦਾ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਸਤੀਵਾਦੀ ਸ਼ਾਸਨ ਦਾ ਸਮਰਥਨ ਕਰਦੇ ਸਨ, ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋਣ ਦੀ ਜ਼ਰੂਰਤ 'ਤੇ।
ਉੱਚ ਸਿੱਖਿਆ
[ਸੋਧੋ]ਕਰਤਾਰ ਸਿੰਘ ਪੜ੍ਹਾਈ ਵਿੱਚ ਸ਼ੁਰੂ ਤੋਂ ਬਹੁਤ ਹੁਸ਼ਿਆਰ ਸੀ, ਉਸ ਦੇ ਦਾਦਾ ਜੀ ਉਸ ਨੂੰ ਉੱਚੇ ਅਹੁਦੇ 'ਤੇ ਵੇਖਣਾ ਚਾਹੁੰਦੇ ਸਨ। ਇਸ ਲਈ ਉਸਦੇ ਦਾਦਾ ਜੀ ਨੇ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਭੇਜ ਦਿੱਤਾ, ਉੱਥੇ ਉਸ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਸ ਸਮੇਂ ਅਮਰੀਕਾ ਤੇ ਕੈਨੇਡਾ ਵਿੱਚ ਚੋਖੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਖ਼ਾਸ ਕਰਕੇ ਸਿੱਖ ਪਹੁੰਚ ਚੁੱਕੇ ਸਨ। ਗ਼ਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ। ਦੇਸ਼ ਵਿੱਚ ਭਾਰਤੀਆਂ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਉਸ ਦੀ ਰੂਹ ਕੁਰਲਾ ਉੱਠੀ ਤੇ ਉਹ ਦਿਨ-ਰਾਤ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਲੈਣ ਲੱਗਾ।
ਅਮਰੀਕਾ ਵਿੱਚ ਵਸਦੇ ਹਿੰਦੁਸਤਾਨੀਆਂ ਨੇ 1913 ਈ. ਵਿੱਚ ਗ਼ਦਰ ਨਾਂਅ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸੋਹਣ ਸਿੰਘ ਭਕਨਾ ਨੂੰ ਮਿਲਿਆ ਤੇ ਇਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਇਸ ਪਾਰਟੀ ਵਿੱਚ ਬਹੁਤ ਜਲਦੀ ਹਰਮਨ-ਪਿਆਰਾ ਹੋ ਗਿਆ। ਇਸ ਪਾਰਟੀ ਦਾ ਕੇਂਦਰ ਸਾਨ ਫ਼ਰਾਂਸਿਸਕੋ ਬਣਾਇਆ ਗਿਆ ਤੇ ਇਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ-ਹਿੱਤ (ਉਰਦੂ ਤੇ ਪੰਜਾਬੀ) ਗ਼ਦਰ ਨਾਂਅ ਹੇਠ ਹਫ਼ਤਾਵਾਰ ਅਖ਼ਬਾਰ ਕੱਢਿਆ। ਇਹ ਹੈਰਾਨੀ ਦੀ ਗੱਲ ਹੈ ਕਿ ਇਹ ਭਾਵੇਂ ਸਹਿਵਨ ਹੀ ਵਾਪਰਿਆ, ਪਰ ਇਨ੍ਹਾਂ ਦਿਨਾਂ ਵਿੱਚ ਹੀ ਉਹ ਸਰਕਾਰੀ ਸੂਹੀਆਂ ਦੀ ਨਜ਼ਰ ਵਿੱਚ ਆ ਗਿਆ। ਹਿੰਦੁਸਤਾਨ ਸਰਕਾਰ ਦੇ ਖੁਫੀਆ ਮਹਿਕਮੇ ਦੇ ਡਾਇਰੈਕਟਰ ਨੇ ‘ਹਿੰਦੁਸਤਾਨ ਦੀ ਵਰਤਮਾਨ ਰਾਜਸੀ ਹਾਲਤ’ ਬਾਰੇ 14 ਮਈ 1914 ਨੂੰ ਹਿੰਦੁਸਤਾਨ ਸਰਕਾਰ ਵੱਲ ਭੇਜੀ ਰਿਪੋਰਟ ਵਿੱਚ ਉਸ ਦਾ ਜ਼ਿਕਰ ਕੀਤਾ।[5] ਇਸ ਅਖ਼ਬਾਰ ਨੂੰ ਲਿਖਣ ਤੇ ਪ੍ਰਕਾਸ਼ਤ ਕਰਨ ਲਈ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘੁਬਰ ਦਿਆਲ ਗੁਪਤਾ ਸਨ। ਸਰਾਭਾ ਦੀਆਂ ਦੇਸ਼-ਪ੍ਰੇਮ ਦੀਆਂ ਉਚੇਰੀਆਂ ਭਾਵਨਾਵਾਂ ਨੂੰ ਦੇਖਦਿਆਂ ਗ਼ਦਰ ਪਾਰਟੀ ਨੇ ਕੈਲੀਫ਼ੋਰਨੀਆ ਵਿੱਚ ਇੱਕ ਮੀਟਿੰਗ ਕਰਕੇ ਉਸ ਨੂੰ ਪ੍ਰਬੰਧਕ ਕਮੇਟੀ ਮੈਂਬਰ ਚੁਣਿਆ।
ਪੰਜਾਬ ਵਿੱਚ ਬਗਾਵਤ
[ਸੋਧੋ]1914 ਵਿੱਚ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਦੇ ਨਾਲ, ਬ੍ਰਿਟਿਸ਼ ਭਾਰਤ ਸਹਿਯੋਗੀ ਯੁੱਧ ਯਤਨਾਂ ਵਿੱਚ ਪੂਰੀ ਤਰ੍ਹਾਂ ਰੁੱਝ ਗਿਆ। ਇਸਨੂੰ ਇੱਕ ਚੰਗਾ ਮੌਕਾ ਸਮਝਦੇ ਹੋਏ, ਗ਼ਦਰ ਪਾਰਟੀ ਦੇ ਨੇਤਾਵਾਂ ਨੇ 5 ਅਗਸਤ 1914 ਦੇ ਗ਼ਦਰ ਦੇ ਇੱਕ ਅੰਕ ਵਿੱਚ ਅੰਗਰੇਜ਼ਾਂ ਵਿਰੁੱਧ "ਜੰਗ ਦੇ ਐਲਾਨ ਦਾ ਫੈਸਲਾ" ਪ੍ਰਕਾਸ਼ਿਤ ਕੀਤਾ। ਅਖ਼ਬਾਰ ਦੀਆਂ ਹਜ਼ਾਰਾਂ ਕਾਪੀਆਂ ਫੌਜੀ ਛਾਉਣੀਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵੰਡੀਆਂ ਗਈਆਂ। ਕਰਤਾਰ ਸਿੰਘ ਅਕਤੂਬਰ 1914 ਵਿੱਚ ਐਸਐਸ ਸਲਾਮਿਨ ਜਹਾਜ਼ ਰਾਹੀਂ ਕੋਲੰਬੋ ਰਾਹੀਂ ਕਲਕੱਤਾ ਪਹੁੰਚਿਆ। ਉਹ ਦੋ ਹੋਰ ਗ਼ਦਰ ਨੇਤਾਵਾਂ, ਸਤਯੇਨ ਸੇਨ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਦੇ ਨਾਲ ਵੱਡੀ ਗਿਣਤੀ ਵਿੱਚ ਗਦਰ ਆਜ਼ਾਦੀ ਘੁਲਾਟੀਆਂ ਦੇ ਨਾਲ ਸੀ। ਜਤਿਨ ਮੁਖਰਜੀ ਦੇ ਜਾਣ-ਪਛਾਣ ਪੱਤਰ ਦੇ ਨਾਲ, ਜੁਗਾਂਤਰ ਨੇਤਾ, ਸਿੰਘ ਅਤੇ ਪਿੰਗਲੇ ਨੇ ਬਨਾਰਸ ਵਿਖੇ ਰਾਸ਼ ਬਿਹਾਰੀ ਬੋਸ ਨੂੰ ਮਿਲ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ 20,000 ਹੋਰ ਗ਼ਦਰ ਮੈਂਬਰਾਂ ਦੀ ਬਹੁਤ ਜਲਦੀ ਉਮੀਦ ਹੈ।[6] ਗ਼ਦਰ ਪਾਰਟੀ ਦੇ ਵੱਡੀ ਗਿਣਤੀ ਵਿੱਚ ਆਗੂਆਂ ਨੂੰ ਸਰਕਾਰ ਨੇ ਬੰਦਰਗਾਹਾਂ 'ਤੇ ਗ੍ਰਿਫ਼ਤਾਰ ਕਰ ਲਿਆ। ਇਹਨਾਂ ਗ੍ਰਿਫ਼ਤਾਰੀਆਂ ਦੇ ਬਾਵਜੂਦ, ਗਦਰ ਪਾਰਟੀ ਦੇ ਮੈਂਬਰਾਂ ਦੁਆਰਾ ਲੁਧਿਆਣਾ ਦੇ ਨੇੜੇ ਲੱਧੂਵਾਲ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਹਥਿਆਰਬੰਦ ਕਾਰਵਾਈ ਲਈ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਮੀਰਾਂ ਦੇ ਘਰਾਂ ਵਿੱਚ ਡਕੈਤੀਆਂ ਕਰਨ ਦਾ ਫੈਸਲਾ ਕੀਤਾ ਗਿਆ। ਦੋ ਗ਼ਦਰੀ, ਵਰਿਆਮ ਸਿੰਘ ਅਤੇ ਭਾਈ ਰਾਮ ਰੱਖਾ, ਇੱਕ ਅਜਿਹੇ ਹੀ ਛਾਪੇਮਾਰੀ ਵਿੱਚ ਇੱਕ ਬੰਬ ਧਮਾਕੇ ਵਿੱਚ ਮਾਰੇ ਗਏ।[7][8]
25 ਜਨਵਰੀ 1915 ਨੂੰ ਰਾਸ਼ ਬਿਹਾਰੀ ਬੋਸ ਦੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ, 12 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ 21 ਫਰਵਰੀ ਨੂੰ ਵਿਦਰੋਹ ਸ਼ੁਰੂ ਕੀਤਾ ਜਾਵੇ। ਇਹ ਯੋਜਨਾ ਬਣਾਈ ਗਈ ਸੀ ਕਿ ਮੀਆਂ ਮੀਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ 'ਤੇ ਕਬਜ਼ਾ ਕਰਨ ਤੋਂ ਬਾਅਦ, ਅੰਬਾਲਾ ਅਤੇ ਦਿੱਲੀ ਦੇ ਨੇੜੇ ਬਗਾਵਤ ਕੀਤੀ ਜਾਵੇ।[9]
ਸ਼ਹਾਦਤ
[ਸੋਧੋ]ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤ ਉੱਤੇ ਕਾਬਜ਼ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਣ ਲਈ ਅਮਰੀਕਾ ਅਤੇ ਕਨੇਡਾ ਵਿੱਚ ਵਸੇ ਭਾਰਤੀਆਂ ਨੂੰ ਇੱਕਜੁਟ ਕਰਨ ਦਾ ਕੰਮ ਕੀਤਾ ਸੀ। ਉਂਜ ਤਾਂ ‘ਗ਼ਦਰ ਪਾਰਟੀ’ ਦੀ ਯੋਜਨਾ 1913 ਵਿੱਚ ਹੀ ਬਣ ਗਈ ਸੀ, ਪਰ ਇਸ ਨੂੰ 21 ਫਰਵਰੀ 1915 ਈ: ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੰਗਰੇਜ਼ ਹਕੂਮਤ ਆਪਣਾ ਇੱਕ ਝੋਲੀਚੁੱਕ, ਕਿਰਪਾਲ ਸਿੰਘ ਪਾਰਟੀ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਹੋ ਗਈ ਤੇ ਉਸ ਨੇ ਸਾਰੀ ਰਿਪੋਰਟ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ 21 ਫਰਵਰੀ ਵਾਲਾ ਗ਼ਦਰ ਫੇਲ੍ਹ ਹੋ ਗਿਆ। 19 ਫਰਵਰੀ ਨੂੰ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਗ੍ਰਿਫ਼ਤਾਰ ਕਰ ਲਏ।[10] ਪਰ ਕਰਤਾਰ ਸਿੰਘ, ਸੁਰਸਿੰਘ ਦਾ ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡੀਲਾਟ ਬਚ ਕੇ ਕਾਬੁਲ ਵੱਲ ਨਿਕਲ ਗਏ ਸਨ। ਪ੍ਰੰਤੂ ਉਕਤ ਤਿੰਨੋਂ ਜਦੋਂ ਆਪਣੀ ਮੁਹਿੰਮ ਨੂੰ ਜਾਰੀ ਰੱਖਣ ਲਈ ਪੰਜਾਬ ਪਰਤ ਰਹੇ ਸਨ ਤਾਂ ਪੁਲਿਸ ਨੇ 2 ਮਾਰਚ 1915 ਨੂੰ ਸ਼ਾਹਪੁਰ ਜ਼ਿਲ੍ਹੇ ਵਿੱਚ ਵਿਲਸਨਪੁਰ ਵਿਖੇ 22ਵੀਂ ਘੋੜ-ਸਵਾਰ ਫ਼ੌਜ ਦੇ ਜਵਾਨਾਂ ਨੂੰ ਵਰਗਲਾਉਣ ਦੇ ਉਦੇਸ਼ ਨਾਲ ਆਇਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।[11] ਸਰਾਭੇ ਵਲੋਂ ਆਪਣੇ ਬਚਾਅ ਲਈ ਕੋਈ ਵਕੀਲ ਨਹੀਂ ਕੀਤਾ ਗਿਆ ਸੀ। ਜਦੋਂ ਬਗ਼ਾਵਤ ਦੇ ਦੋਸ਼ ਅਧੀਨ ਕਰਤਾਰ ਸਿੰਘ ਸਰਾਭਾ ’ਤੇ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਨੇ ਤਮਾਮ ਦੋਸ਼ਾਂ ਦੀ ਸਮੁੱਚੀ ਜ਼ਿੰਮੇਵਾਰੀ ਆਪਣੇ ਖੁਦ ਉੱਪਰ ਲੈ ਲਈ ਸੀ ਤੇ ਇਹ ਸਭ ਸੁਣ ਕੇ ਜੱਜ ਹੱਕਾ-ਬੱਕਾ ਰਹਿ ਗਿਆ ਕਿ ਇੱਕ ਉੱਨੀ ਸਾਲਾਂ ਦੀ ਛੋਟੀ ਉਮਰ ਦਾ ਮੁੱਛ ਫੁੱਟ ਗਭਰੂ ਇੰਨੀ ਨਿਡਰਤਾ ਨਾਲ ਵਿਵਹਾਰ ਕਰ ਰਿਹਾ ਸੀ। ਕਰਤਾਰ ਸਿੰਘ ਦੀ ਨਿੱਕੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਜੱਜ ਨੇ ਨੌਜਵਾਨ ਨੂੰ ਆਪਣੇ ਬਿਆਨ ਵਿੱਚ ਸੋਧ ਕਰਨ ਦੀ ਸਲਾਹ ਦਿੱਤੀ, ਪਰ ਨਤੀਜਾ ਇਸਦੇ ਵਿਪਰੀਤ ਹੋਇਆ। ਕਰਤਾਰ ਸਿੰਘ ਨੇ ਇਸਦੇ ਉਲਟ ਹੋਰ ਵੀ ਦ੍ਰਿੜ੍ਹਤਾ ਨਾਲ ਬਿਆਨ ਦਿੱਤਾ ਅਤੇ ਪੂਰੀ ਸਾਜ਼ਿਸ਼ ਦਾ ਜ਼ਿੰਮੇਵਾਰ ਉਹ ਖ਼ੁਦ ਹੀ ਸੀ। ਇਸਦੇ ਆਧਾਰ ’ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ।[11] ਕੋਰਟ ਦੀ ਕਾਰਵਾਈ ਦਿਖਾਵਾ ਮਾਤਰ ਸੀ, ਜਿਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ, ਕਿ ਇਸ ਕੇਸ ਵਿੱਚ ਅਦਾਲਤ ਦੇ ਫ਼ੈਸਲੇ ਵਿਰੁੱਧ ਕੋਈ ਵੀ ਗ਼ਦਰੀ ਅੱਗੇ ਅਪੀਲ ਨਹੀਂ ਸੀ ਕਰ ਸਕਦਾ। ਗ਼ਦਰੀਆਂ ਵਲੋਂ ਕੇਸ ਦੀ ਪੈਰਵੀ ਕਰ ਰਹੇ ਵਕੀਲ ਰਘੂਵਰ ਸਹਾਇ ਨੇ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਇ ਕੌਂਸਲ ਕੋਲ ਉਠਾਇਆ ਤੇ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਨੇ ਕਾਨੂੰਨੀ ਪੈਂਤਰਿਆਂ ਦੀ ਨਜ਼ਰਸਾਨੀ ਤੋਂ ਬਾਅਦ 24 ਗ਼ਦਰੀਆਂ ਵਿਚੋਂ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਤੋੜ ਕੇ ਸਜ਼ਾ-ਏ-ਕਾਲੇਪਾਣੀ ਕਰ ਦਿੱਤੀ। ਸਰ ਅਲੀ ਇਮਾਮ ਨੇ ਸਰਾਭੇ ਦੀ ਫਾਂਸੀ ਵੀ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਲਈ ਬਹੁਤ ਜ਼ੱਦੋਜਹਿਦ ਕੀਤੀ, ਕਿਉਂਕਿ ਸਰਾਭੇ ਦੀ ਉਮਰ ਉਸ ਵੇਲੇ ਸਭ ਤੋਂ ਘੱਟ ਸੀ। ਪਰ ਵਾਇਸਰਾਇ ਨੇ ਅਪੀਲ ਖਾਰਜ਼ ਕਰ ਦਿੱਤੀ ਸੀ। ਕੋਰਟ ਦੇ ਜੱਜਾਂ ਵਲੋਂ ਸਰਾਭੇ ਬਾਰੇ ਸਭ ਤੋਂ ਵੱਧ ਸੱਤ ਪੰਨਿਆਂ ਦਾ ਫ਼ੈਸਲਾ ਲਿਖਿਆ ਗਿਆ ਸੀ। ਜਿਸ ਵਿੱਚ ਉਸ ਨੂੰ ਸਭ ਤੋਂ ਵੱਧ ‘ਖ਼ਤਰਨਾਕ’ ਦੱਸਿਆ ਗਿਆ ਸੀ। ਫ਼ੈਸਲੇ ਵਿੱਚ ਅਹਿਮ ਗੱਲ ਇਹ ਲਿਖੀ ਗਈ ਸੀ, ਕਿ ਗ਼ਦਰ ਦੀ ਅਜਿਹੀ ਕੋਈ ਵੀ ਘਟਨਾ ਨਹੀਂ ਹੈ। ਜਿਸ ਵਿੱਚ ਸਰਾਭਾ ਸ਼ਾਮਿਲ ਨਾ ਹੋਵੇ।[12] ਅਤੇ 16 ਨਵੰਬਰ 1915 ਨੂੰ ਸਾਢੇ ਉੱਨੀ ਸਾਲ ਦੇ ਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਛੇ ਹੋਰ ਸਾਥੀਆਂ - ਬਖਸ਼ੀਸ਼ ਸਿੰਘ, ਜ਼ਿਲ੍ਹਾ ਅੰਮ੍ਰਿਤਸਰ; ਹਰਨਾਮ ਸਿੰਘ, ਜ਼ਿਲ੍ਹਾ ਸਿਆਲਕੋਟ; ਜਗਤ ਸਿੰਘ, ਜ਼ਿਲ੍ਹਾ ਲਾਹੌਰ; ਸੁਰੈਣ ਸਿੰਘ -1 ਅਤੇ ਸੁਰੈਣ -2 ਦੋਨੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ, ਜ਼ਿਲ੍ਹਾ ਪੂਨਾ (ਮਹਾਰਾਸ਼ਟਰ) ਦੇ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫ਼ਾਂਸੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ।[13]
ਕਿਹਾ ਜਾ ਸਕਦਾ ਹੈ, ਕਿ 1857 ਦੇ ਬਾਅਦ ਇਹ ਅਜ਼ਾਦੀ ਦੀ ਦੂਸਰੀ ਹਥਿਆਰਬੰਦ ਕੋਸ਼ਿਸ਼ ਸੀ। ਇਸ ਵਿੱਚ 200 ਤੋਂ ਜ਼ਿਆਦਾ ਲੋਕ ਸ਼ਹੀਦ ਹੋਏ[ਹਵਾਲਾ ਲੋੜੀਂਦਾ], ਪਰ ਇਸ ਨਾਲ ਆਜ਼ਾਦੀ ਦੇ ਉਦੇਸ਼ ਨੂੰ ਬਲ ਮਿਲਿਆ। ਕਰਤਾਰ ਸਿੰਘ ਸਰਾਭਾ ਆਪਣੇ ਬਹੁਤ ਛੋਟੇ ਜਿਹੇ ਰਾਜਨੀਤਕ ਜੀਵਨ ਦੇ ਦਲੇਰਾਨਾ ਕੰਮਾਂ ਦੇ ਕਾਰਨ ਗ਼ਦਰ ਪਾਰਟੀ ਦੇ ਲੋਕ ਨਾਇਕ ਦੇ ਰੂਪ ਵਿੱਚ ਉੱਭਰਿਆ। ਭਗਤ ਸਿੰਘ ਉਹਨਾਂ ਨੂੰ ਆਪਣਾ ਆਦਰਸ਼ ਮੰਨਦਾ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੀ ਫੋਟੋ ਹਮੇਸ਼ਾ ਆਪਣੀ ਜੇਬ ਵਿੱਚ ਰਖਦਾ ਸੀ।[11]
ਵਿਰਾਸਤ
[ਸੋਧੋ]ਭਗਤ ਸਿੰਘ ਉਨ੍ਹਾਂ ਤੋਂ ਪ੍ਰੇਰਿਤ ਸੀ। "ਭਗਤ ਸਿੰਘ ਦੀ ਗ੍ਰਿਫ਼ਤਾਰੀ 'ਤੇ, ਉਨ੍ਹਾਂ ਤੋਂ ਸਰਾਭਾ ਦੀ ਇੱਕ ਫੋਟੋ ਬਰਾਮਦ ਹੋਈ। ਉਹ ਹਮੇਸ਼ਾ ਇਹ ਫੋਟੋ ਆਪਣੀ ਜੇਬ ਵਿੱਚ ਰੱਖਦੇ ਸਨ। ਬਹੁਤ ਵਾਰ, ਭਗਤ ਸਿੰਘ ਮੈਨੂੰ ਉਹ ਫੋਟੋ ਦਿਖਾਉਂਦੇ ਸਨ ਅਤੇ ਕਹਿੰਦੇ ਸਨ, 'ਪਿਆਰੀ ਮਾਂ, ਇਹ ਮੇਰਾ ਹੀਰੋ, ਦੋਸਤ ਅਤੇ ਸਾਥੀ ਹੈ।'" - ਭਗਤ ਸਿੰਘ ਦੀ ਮਾਂ।[14][15]
ਸ਼ਹੀਦ ਕਰਤਾਰ ਸਿੰਘ ਸਰਾਭਾ, ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਕ੍ਰਾਂਤੀਕਾਰੀ ਜੀਵਨੀ ਫਿਲਮ, 1977 ਵਿੱਚ ਰਿਲੀਜ਼ ਹੋਈ ਸੀ।[16]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Ghadar Party Hero Kartar Singh Sarabha". National Book Trust. Retrieved 2020-09-12.
- ↑ "ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਨਾਲ ਜੁੜੇ 5 ਅਹਿਮ ਤੱਥ" (in ਅੰਗਰੇਜ਼ੀ (ਬਰਤਾਨਵੀ)). 2018-11-16. Retrieved 2019-06-06.
- ↑ Chaman Lal (2018). "Gadar Party Nayak: Kartar Singh Sarabha". pp. 1–2.
- ↑ "ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ". Tribune Punjabi. 29 April 2015. Retrieved 18 October 2016.
- ↑ ਗੁਰਦੇਵ ਸਿੰਘ ਸਿੱਧੂ (2018-11-01). "ਸਰਾਭੇ ਬਾਰੇ ਖੁਫ਼ੀਆ ਮਹਿਕਮੇ ਦੀ ਪਹਿਲੀ ਰਿਪੋਰਟ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-03.
{{cite news}}
: Cite has empty unknown parameter:|dead-url=
(help)[permanent dead link] - ↑ Militant Nationalism in India, Bimanbehari Majumdar (p. 167); Sadhak biplabi jatindranath, Prithwindra Mukherjee pp. 283-284.
- ↑ Sharma, Ritwik (2018-09-07). "Relevance of Kartar Singh Sarabha, a revolutionary of the Ghadar movement". Business Standard India. Retrieved 2020-09-12.
- ↑ Dugman, Sally (2018-05-25). "Kartar Singh Sarabha - A Hero Who Inspired Bhagat Singh". Countercurrents (in ਅੰਗਰੇਜ਼ੀ (ਅਮਰੀਕੀ)). Retrieved 2020-09-12.
- ↑ "करतार सिंह सराभा - भारतकोश, ज्ञान का हिन्दी महासागर". Bharat Discovery. Retrieved 2020-09-12.
- ↑ "Saga of sacrifice". Tribune India. Retrieved 18 October 2016.
- ↑ 11.0 11.1 11.2 ਅੱਬਾਸ ਧਾਲੀਵਾਲ. "ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ --- ਅੱਬਾਸ ਧਾਲੀਵਾਲ - sarokar.ca". www.sarokar.ca. Retrieved 2020-11-19.
- ↑ ਗੁਰਪ੍ਰੀਤ ਸਿੰਘ ਰਟੋਲ (2018-11-13). "ਗ਼ਦਰ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਾਗ਼ੀ ਸਰਾਭਾ - Tribune Punjabi". Tribune Punjabi. Retrieved 2018-11-13.
{{cite news}}
: Cite has empty unknown parameter:|dead-url=
(help)[permanent dead link] - ↑ "ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 100ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ --- ਬਲਰਾਜ ਸਿੰਘ ਸਿੱਧੂ - sarokar.ca". www.sarokar.ca (in ਅੰਗਰੇਜ਼ੀ (ਬਰਤਾਨਵੀ)). Retrieved 2018-11-18.
- ↑ "कहानी उस दिलेर की जिसे शहीद भगत सिंह अपना गुरु मानते थे". Sirf Sach (in ਹਿੰਦੀ). 2019-05-24. Archived from the original on 2020-09-20. Retrieved 2020-09-12.
- ↑ "Kartar Singh Sarabha to Bhagat Singh". ResearchGate. Retrieved 12 September 2020.
- ↑ K. Moti Gokulsing; Wimal Dissanayake (17 April 2013). Routledge Handbook of Indian Cinemas. Routledge. p. 168. ISBN 978-1-136-77284-9.
ਬਾਹਰੀ ਕੜੀਆਂ
[ਸੋਧੋ]- CS1 ਅੰਗਰੇਜ਼ੀ (ਬਰਤਾਨਵੀ)-language sources (en-gb)
- CS1 errors: empty unknown parameters
- Articles with dead external links from ਅਕਤੂਬਰ 2021
- ਬਿਨਾਂ ਸਰੋਤ ਵਾਲੇ ਬਿਆਨਾਂ ਵਾਲੇ ਲੇਖ
- Articles with unsourced statements
- ਪੰਜਾਬੀ ਲੋਕ
- ਭਾਰਤ ਦੇ ਆਜ਼ਾਦੀ ਸੰਗਰਾਮੀਏ
- ਗ਼ਦਰ ਪਾਰਟੀ
- ਜਨਮ 1896
- ਮੌਤ 1915
- ਬਰਤਾਨਵੀ ਭਾਰਤ ਵਿੱਚ ਫਾਂਸੀ ਦੀ ਸਜ਼ਾ ਦੇ ਕੇ ਮਾਰੇ ਲੋਕ
- ਭਾਰਤੀ ਕ੍ਰਾਂਤੀਕਾਰੀ
- ਲੁਧਿਆਣਾ ਦੇ ਲੋਕ
- ਭਾਰਤੀ ਆਜ਼ਾਦੀ ਲਈ ਕ੍ਰਾਂਤੀਕਾਰੀ ਅੰਦੋਲਨ