ਵਿਸ਼ਵ ਸੈਰ-ਸਪਾਟਾ ਦਿਵਸ
ਸੰਯੁਕਤ ਰਾਸ਼ਟਰ ਨੇ 1980 ਵਿੱਚ 27 ਸਤੰਬਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਸੈਰ-ਸਪਾਟਾ ਦਿਵਸ (ਅੰਗ੍ਰੇਜ਼ੀ: World Tourism Day) ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਜਦੋਂ ਯੂ. ਐੱਨ. ਡਬਲਿਊ. ਟੀ. ਓ. ਦੇ ਕਾਨੂੰਨਾਂ ਨੂੰ ਅਪਣਾਇਆ ਗਿਆ ਸੀ ਉਸ ਦਿਨ ਇਹ ਮਿਤੀ 1970 ਵਿੱਚ ਚੁਣੀ ਗਈ ਸੀ। ਇਨ੍ਹਾਂ ਕਾਨੂੰਨਾਂ ਨੂੰ ਅਪਣਾਉਣਾ ਵਿਸ਼ਵ ਸੈਰ-ਸਪਾਟਾ ਦਿਵਸ ਵਿੱਚ ਇੱਕ ਮੀਲ ਪੱਥਰ ਵਜੋਂ ਮੰਨਿਆ ਜਾਂਦਾ ਹੈ।[1] ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਸੈਰ-ਸਪਾਟੇ ਦੀ ਮਹੱਤਤਾ ਅਤੇ ਭੂਮਿਕਾ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਹ ਪ੍ਰਦਰਸ਼ਿਤ ਕਰਨਾ ਕਿ ਇਹ ਸੰਸਾਰ ਭਰ ਵਿੱਚ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਕਦਰਾਂ-ਕੀਮਤਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।
ਇਸਦੇ ਬਾਰ੍ਹਵੇਂ ਸੈਸ਼ਨ ਵਿੱਚ ਅਕਤੂਬਰ 1997 ਵਿੱਚ ਤੁਰਕੀ ਦੇ ਇਸਤਾਂਬੁਲ ਵਿੱਚ, ਯੂ. ਐੱਨ. ਡਬਲਯੂ. ਟੀ. ਓ. ਜਨਰਲ ਅਸੈਂਬਲੀ ਨੇ ਵਿਸ਼ਵ ਸੈਰ-ਸਪਾਟਾ ਦਿਵਸ ਦੇ ਜਸ਼ਨ ਵਿੱਚ ਸੰਗਠਨ ਦੇ ਭਾਈਵਾਲ ਵਜੋਂ ਕੰਮ ਕਰਨ ਲਈ ਹਰ ਸਾਲ ਇੱਕ ਮੇਜ਼ਬਾਨ ਦੇਸ਼ ਨਾਮਜ਼ਦ ਕਰਨ ਦਾ ਫੈਸਲਾ ਕੀਤਾ। ਅਕਤੂਬਰ 2003 ਵਿੱਚ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਆਪਣੇ ਪੰਦਰਵੇਂ ਸੈਸ਼ਨ ਵਿੱਚ, ਅਸੈਂਬਲੀ ਨੇ ਵਿਸ਼ਵ ਸੈਰ-ਸਪਾਟਾ ਦਿਵਸ ਦੇ ਜਸ਼ਨਾਂ ਲਈ ਹੇਠ ਲਿਖੇ ਭੂਗੋਲਿਕ ਕ੍ਰਮ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ। ਯੂਰਪ ਵਿੱਚ 2006, ਦੱਖਣੀ ਏਸ਼ੀਆ ਵਿੱਚ 2007, ਅਮਰੀਕਾ ਵਿੱਚ 2008, ਅਫਰੀਕਾ ਵਿੱਚ 2009 ਅਤੇ ਮੱਧ ਪੂਰਬ ਵਿੱਚ 2011।
ਸਵਰਗੀ ਇਗਨੇਸ਼ਿਯਸ ਅਮਾਦੁਵਾ ਅਤਿਗਬੀ ਜੋ ਨਾਈਜੀਰੀਆ ਦੇ ਵਸਨੀਕ ਸਨ, ਉਹਨਾਂ ਨੇ ਹਰ ਸਾਲ ਵਿਸ਼ਵ ਸੈਰ-ਸਪਾਟਾ ਦਿਵਸ 27 ਸਤੰਬਰ ਨੂੰ ਮਨਾਉਣ ਦਾ ਵਿਚਾਰ ਪੇਸ਼ ਕੀਤਾ ਸੀ। ਆਖਰਕਾਰ ਉਹਨਾਂ ਨੂੰ ਸੰਨ 2009 ਵਿੱਚ ਉਨ੍ਹਾਂ ਦੇ ਯੋਗਦਾਨ ਲਈ ਮਾਨਤਾ ਦਿੱਤੀ ਗਈ। ਵਿਸ਼ਵ ਸੈਰ-ਸਪਾਟਾ ਦਿਵਸ ਦਾ ਰੰਗ ਨੀਲਾ ਹੈ।
ਵਿਸ਼ਵ ਸੈਰ-ਸਪਾਟਾ ਦਿਵਸ ਦਾ ਮੁੱਖ ਉਦੇਸ਼ ਵਿਸ਼ਵ ਪੱਧਰ 'ਤੇ ਸੈਰ-ਸਪਾਟੇ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ।